ਰੇਲਵੇ ਸਟੇਸ਼ਨ ਦੇ ਵਿਸ਼ਰਾਮ-ਘਰ ਦੀ ਬਾਹਰਲੀ ਥੜ੍ਹੀ ਉੱਤੇ ਉਸਨੂੰ ਨਾ ਵੇਖ ਕੇ ਉਹ ਘਬਰਾ ਜਿਹਾ ਗਿਆ। ਅਜੇ ਕੱਲ੍ਹ ਤਾਂ ਉਹ ਇੱਥੇ ਹੀ ਬੈਠਾ ਸੀ।
ਪਿਛਲੇ ਕਈ ਮਹੀਨਿਆਂ ਤੋਂ ਉਹ ਇਸ ਦਰਵੇਸ਼ ਮੰਗਤੇ ਨੂੰ ਵੇਖ ਰਿਹਾ ਸੀ। ਉਹ ਪਹਿਲੀ ਗੱਡੀ ਰਾਹੀਂ ਡਿਊਟੀ ਤੇ ਜਾਂਦਾ ਹੈ। ਉਹ ਕਲਾਕਾਰ ਹੈ ਤੇ ਆਪਣੇ ਰੰਗ-ਬੁਰਸ਼ ਨਾਲ ਹੀ ਰੱਖਦਾ ਹੈ।
ਉਹ ਮੰਗਤਾ ਕਿਸੇ ਤੋਂ ਕੁਝ ਮੰਗਦਾ ਨਹੀਂ, ਬੱਸ ਜੋ ਮਿਲ ਜਾਂਦਾ ਉਹੀ ਖਾ ਲੈਂਦਾ। ਆਲਸੀ ਜਿਹਾ, ਨਾ ਨਹਾਉਣ ਦਾ ਚਾਅ, ਨਾ ਦਾਤਣ-ਕੁਰਲਾ ਕਰਨ ਦੀ ਰੀਝ। ਸਦਾ ਲਿਬੜਿਆ ਜਿਹਾ ਰਹਿੰਦਾ। ਆਉਣ-ਜਾਣ ਵਾਲਿਆਂ ਵੱਲ ਹਸਰਤ ਨਾਲ ਵੇਖਦਾ। ਨੈਣ-ਨਕਸ਼ ਸੁਹਣੇ, ਅੱਖਾਂ ਵਿੱਚ ਅਜੀਬ ਜਿਹੀ ਚਮਕ। ਪਤਾ ਨਹੀਂ ਕਿਉਂ, ਉਹ ਜ਼ਿੰਦਗੀ ਤੋਂ ਹਾਰ ਮੰਨ ਬੈਠਾ।
ਕਲਾਕਾਰ ਉਸਨੂੰ ਰੋਜ਼ ਵੇਖਦਾ। ਉਹਦੇ ਮਨ ਵਿਚ ਉਸਦਾ ਚਿੱਤਰ ਬਣਾਉਣ ਦੀ ਖਾਹਿਸ਼ ਸੀ। ਕੱਲ੍ਹ ਉਹਨੂੰ ਸਮਾਂ ਮਿਲ ਗਿਆ। ਗੱਡੀ ਅੱਧਾ ਘੰਟਾ ਲੇਟ ਸੀ। ਉਹ ਉਸਦੇ ਨੇੜੇ ਇਕ ਬੈਂਚ ਉੱਤੇ ਜਾ ਬੈਠਾ ਤੇ ਉਸ ਵੱਲ ਵੇਖ ਕੇ ਕਾਗਜ ਉੱਪਰ ਬੁਰਸ਼ ਚਲਾਉਣ ਲੱਗਾ।
ਕਲਾਕਾਰ ਨੂੰ ਵਾਰ-ਵਾਰ ਤੱਕਦਾ ਵੇਖ, ਮੰਗਤਾ ਝੁੰਜਲਾ ਗਿਆ, “ਕੀ ਕਰਦੇ ਓਂ? ਮੈਨੂੰ ਇੰਜ ਕਿਉਂ ਘੂਰਦੇ ਓਂ?”
“ਕੁਝ ਨਹੀਂ, ਕੁਝ ਨਹੀਂ…ਬੱਸ…।”
ਪੰਦਰਾਂ ਮਿੰਟਾਂ ਵਿਚ ਹੀ ਚਿੱਤਰ ਤਿਆਰ ਕਰ ਕਲਾਕਾਰ ਨੇ ਉਸਨੂੰ ਵਿਖਾਇਆ ਤਾਂ ਉਹ ਬੋਲਿਆ, “ਇਹ ਕੌਣ?”
“ਇਹ ਤੂੰ ਹੀ ਹੈਂ…ਇਹ ਤੇਰਾ ਚਿੱਤਰ ਐ…ਤੇਰੀ ਫੋਟੋ…।”
“ਮੈਂ ਐੱਡਾ ਸੁਹਣਾ!” ਉਹ ਚਾਅ ਨਾਲ ਉੱਠ ਬੈਠਾ।
“ਹਾਂ, ਤੂੰ ਤਾਂ ਇਸ ਤੋਂ ਵੀ ਸੁਹਣਾ ਐਂ…ਬਹੁਤ ਸੁਹਣਾ!”
ਤੇ ਅੱਜ ਮੰਗਤੇ ਨੂੰ ਉੱਥੇ ਨਾ ਵੇਖ, ਕਲਾਕਾਰ ਨੇ ਉਸ ਬਾਰੇ ਸਟੇਸ਼ਨ ਮਾਸਟਰ ਤੋਂ ਪੁੱਛਿਆ।
ਉਹ ਕੱਲ੍ਹ ਤੁਹਾਡੇ ਜਾਣ ਬਾਦ ਨਲਕੇ ਹੇਠ ਨਹਾ ਕੇ ਮੇਰੇ ਕੋਲ ਆਇਆ ਸੀ। ਮੈਂ ਉਸਨੂੰ ਪਾਉਣ ਲਈ ਆਪਣਾ ਪੁਰਾਣਾ ਸੂਟ ਦੇ ਦਿੱਤਾ। ਸੂਟ ਪਾ ਕੇ ਉਹ ਬੜਾ ਖੁਸ਼ ਹੋਇਆ।
“ਪਰ ਉਹ ਗਿਆ ਕਿੱਥੇ?”
“ਉਹ ਵੇਖੋ, ਸਟੇਸ਼ਨ ਦਾ ਨਵਾਂ ਫਰਸ਼ ਲੱਗ ਰਿਹੈ। ਉੱਥੇ ਦਿਹਾੜੀ ਕਰਨ ਲੱਗਾ ਹੋਇਐ।”
ਕਲਾਕਾਰ ਨੇ ਉੱਧਰ ਆਪਣੀ ਜਿਉਂਦੀ ਜਾਗਦੀ ਕਲਾ-ਕਿਰਤ ਵੱਲ ਵੇਖਿਆ ਤੇ ਮੁਸਕਰਾ ਪਿਆ।
-0-
|