ਹਾਕਮ ਸਿੰਘ ਦੇ ਵੱਡੇ ਮੁੰਡੇ ਨਛੱਤਰ ਦੀ ਇਕ ਸੜਕ ਹਾਦਸੇ ਵਿਚ ਮੌਤ ਹੋ ਗਈ ਸੀ। ਚੜ੍ਹਦੀ ਉਮਰੇ ਹੋਈ ਇਸ ਮੌਤ ਕਰਕੇ ਘਰ ਵਿਚ ਮਾਤਮ ਛਾ ਗਿਆ ਸੀ। ਉਸਦੀ ਜਵਾਨ ਪਤਨੀ ਬੁੜ੍ਹੀਆਂ ਦੇ ਹੱਥੋਂ ਛੁੱਟ ਲਾਸ਼ ਉੱਪਰ ਡਿੱਗਦੀ ਦੋ-ਹੱਥੜੀ ਪਿੱਟ ਰਹੀ ਸੀ। ਲਾਸ਼ ਦਾ ਸੰਸਕਾਰ ਹੋ ਗਿਆ। ਤੀਜੇ ਦਿਨ ਫੁੱਲ ਚੁਗੇ ਗਏ। ਫੁੱਲ ਚੁਗਾਉਣ ਆਏ ਨਛੱਤਰ ਦੇ ਸਹੁਰਿਆਂ ਵਿੱਚੋਂ ਇਕ ਬਜ਼ੁਰਗ ਨੇ ਹਾਕਮ ਸਿੰਘ ਕੋਲ ਗੱਲ ਤੋਰੀ, “ਹਾਕਮ ਸਿਹਾਂ, ਸਾਡੀ ਧੀ ਲਈ ਤਾਂ ਹੁਣ ਜਗ ’ਚ ਨ੍ਹੇਰ ਹੀ ਨ੍ਹੇਰ ਐ…ਪਹਾੜ ਜਿੱਡੀ ਜ਼ਿੰਦਗੀ ਲਈ ਕੋਈ ਆਸਰਾ ਚਾਹੀਦੈ। ਛੋਟੇ ਕਾਕੇ ਲਈ ਅਸੀਂ ਦੁਸਹਿਰੇ ਆਲੇ ਦਿਨ ਪੱਗ ਲਈ ਆਈਏ?…ਤੁਸੀਂ ਵਿਚਾਰ ਕਰਲੋ। ਰੱਬ ਦਾ ਭਾਣਾ ਮੰਨ ਕੇ ਦੋਵੇਂ ਧੀਆਂ ਇੱਕੋ ਚੁੱਲ੍ਹੇ ਰੋਟੀ ਖਾਈ ਜਾਣਗੀਆਂ…।”
“ਕੋਈ ਨਹੀਂ ਸਾਡੇ ਵੱਲੋਂ ਕੋਈ ਉਲਾਂਭਾ ਨਹੀਂ ਆਉਂਦਾ…” ਹਾਕਮ ਸਿੰਘ ਨੇ ਨਛੱਤਰ ਦੇ ਸਹੁਰਿਆਂ ਨੂੰ ਧਰਵਾਸਾ ਦਿੱਤਾ।
ਨਛੱਤਰ ਤੋਂ ਛੋਟੇ ਸਵਰਨ ਦੇ ਘਰ ਵਾਲੀ ਕਰਮਜੀਤ ਕੋਲ ਜਦੋਂ ਇਹ ਗੱਲ ਪੁੱਜੀ ਤਾਂ ਉਸ ਨੇ ਤਾਂ ਘਰ ਵਿਚ ਵਾਵੇਲਾ ਖੜਾ ਕਰ ਦਿੱਤਾ। ਸੱਸ ਸਹੁਰੇ ਨੇ ਸਵਰਨ ਨੂੰ ਵੀ ਰਾਜ਼ੀ ਕਰ ਲਿਆ। ਪਰੰਤੂ ਕਰਮਜੀਤ ਨੇ ਤਾਂ ਇਕ ਹੀ ਹਿੰਡ ਫੜ ਲਈ ਸੀ, “ਤੀਹੋਕਾਲ ਮੈਂ ਇਹ ਨਹੀਂ ਹੋਣ ਦੇਣਾ। ਮੈਂ ਆਪਣੇ ਸਾਂਈ ਨੂੰ ਕਿਵੇਂ ਵੰਡ ਦਿਆਂ…!”
ਕਰਮਜੀਤ ਦੇ ਇਸ ਫੈਸਲੇ ਦੀ ਉਸ ਦੇ ਪੇਕਿਆਂ ਨੇ ਵੀ ਹਿਮਾਇਤ ਕੀਤੀ। ਦੁਸਹਿਰੇ ਦਾ ਦਿਨ ਆ ਗਿਆ। ਕਰਮਜੀਤ ਨੂੰ ਮਨਾਉਣ ਦੀਆਂ ਸਾਰੀਆਂ ਕੋਸ਼ਿਸ਼ਾਂ ਅਸਫਲ ਹੋ ਗਈਆਂ ਸਨ। ਵਿਹੜੇ ਵਿਚ ਸੋਗ ਕਰਨ ਵਾਲਿਆਂ ਦੇ ਇੱਕਠ ਤੋਂ ਪਰ੍ਹਾਂ ਨਿਵੇਕਲੇ ਜਿਹੇ, ਹਾਕਮ ਸਿੰਘ, ਹਾਕਮ ਦੇ ਘਰੋਂ, ਸਵਰਨ, ਕਰਮਜੀਤ ਅਤੇ ਸਵਰਗੀ ਨਛੱਤਰ ਤੇ ਸਵਰਨ ਦੇ ਸਹੁਰੇ ਅਜੇ ਵੀ ਇਸ ਮਸਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਪਰ ਕਰਮਜੀਤ ਆਪਣੇ ਫੈਸਲੇ ਉੱਤੇ ਅੜੀ ਹੋਈ ਸੀ।
“ਗੱਲ ਸੁਣ ਲਉ ਸਾਰੇ…ਮੈਂ ਕਰੂੰ ਜ਼ਮੀਨ ਦੇ ਤਿੰਨ ਹਿੱਸੇ…ਤੀਜੇ ਹਿੱਸੇ ਦੀ ਦੇਊਂ ਸਵਰਨ ਨੂੰ…ਨਛੱਤਰ ਦੀ ਤੇ ਮੇਰੀ ਵੰਡ ਹੋਊਗੀ ਅੱਡ…ਮੈਂ ਤਾਂ ਚਾਹੁੰਦਾ ਸੀ ਕਿ ਵੰਡੀਆਂ ਨਾ ਪੈਣ ਅਤੇ ਸਾਰੀ ਦਾ ਮਾਲਕ ਬਣੇ ਸਵਰਨ…ਪਰ ਜੇ ਥੋਡੀ ਅੜੀ ਐ ਤਾਂ ਮੇਰੀ ਵੀ ਹੁਣ ਵੇਖਿਓ ਅੜੀ…।” ਖੂੰਡੇ ਦੇ ਸਹਾਰੇ ਉਠਦੇ ਹਾਕਮ ਸਿੰਘ ਨੇ ਆਪਣਾ ਫੈਸਲਾ ਸੁਣਾਇਆ।
ਸਵਰਨ ਦੇ ਸਹੁਰਿਆਂ ਦੇ ਮੂੰਹ ਅੱਡੇ ਰਹਿ ਗਏ। ਉਹ ਕਰਮਜੀਤ ਨੂੰ ਸਮਝਾਉਣ ਲੱਗੇ। ਜ਼ਮੀਨ ਦੀਆਂ ਵੰਡੀਆਂ ਵਾਲੀ ਗੱਲ ਨੇ ਸਭ ਨੂੰ ਢਿੱਲੇ ਕਰ ਦਿੱਤਾ।
ਭੋਗ ਉਪਰੰਤ ਨਛੱਤਰ ਦੇ ਸਹੁਰੇ ਸਵਰਨ ਦੇ ਪੱਗ ਬਨ੍ਹਾ ਕੇ ਚਲੇ ਗਏ।
-0-
|