गतिविधियाँ
 
 
   
     
 
  सम्पर्क  
सुकेश साहनी
sahnisukesh@gmail.com
रामेश्वर काम्बोज 'हिमांशु'
rdkamboj@gmail.com
 
 
 
भाषान्तर

पंजाबी
सुरेन्द्र मंथन

ਝਰੀਟ
ਡਾ. ਸੁਰਿੰਦਰ ਮੰਥਨ

ਇਕ ਜ਼ੋਰਦਾਰ ਧਮਾਕੇ ਨਾਲ ਭਰੇ ਬਜ਼ਾਰ ਵਿਚ ਹਲਚਲ ਮਚ ਗਈ। ਸ਼ਾਇਦ ਫਿਰ ਕਿਤੇ ਬੰਬ ਫਟਿਆ ਹੋਵੇ। ਦੁਕਾਨਾਂ ਦੇ ਸ਼ਟਰ ਤੇਜ਼ੀ ਨਾਲ ਡਿੱਗਣ ਲੱਗੇ। ਲੋਕ ਸਿਰ ਲੁਕਾਉਣ ਲਈ ਇੱਧਰ-ਉੱਧਰ ਭੱਜਣ ਲੱਗੇ। ਦੇਖਦਿਆਂ ਹੀ ਦੇਖਦਿਆਂ ਬਜ਼ਾਰ ਸੁੰਨਾ ਹੋ ਗਿਆ, ਸਿਰਫ ਤਿੰਨ ਚਿਹਰਿਆਂ ਤੋਂ ਸਿਵਾ ਜੋ ਕਿ ਇਕ ਰਿਕਸ਼ੇ ਨਾਲ ਗੱਗੇ ਖੜੇ ਸਨ। ਅਧੇੜ ਉਮਰ ਦਾ ਸਰਦਾਰ ਜੇਬ ਵਿੱਚੋਂ ਦਸ ਰੁਪਏ ਦਾ ਮੁੜਿਆ ਹੋਇਆ ਨੋਟ ਰਿਕਸ਼ੇ ਵਾਲੇ ਨੂੰ ਦਿੰਦਾ ਹੋਇਆ ਕਹਿੰਦਾ ਹੈ, “ਇਹ ਰੱਖ ਲੈ ਭਰਾਵਾ। ਅਸੀਂ ਪੈਦਲ ਚਲੇ ਜਾਵਾਂਗੇ।”
ਬੁੱਢੀ ਰਿਕਸ਼ੇ ਵਿੱਚੋਂ ਆਪਣਾ ਸਮਾਨ ਉਤਾਰਣ ਲਗਦੀ ਹੈ।
ਰਿਕਸ਼ੇ ਵਾਲਾ ਘਬਰਾਇਆ ਹੋਇਆ ਲੱਗ ਰਿਹਾ ਹੈ। ‘ਸ਼ੁਕਰੀਆ’ ਅਦਾ ਕਰਦੇ ਵੇਲੇ ਟੁੱਟੀ-ਫੁੱਟੀ ਪੰਜਾਬੀ ਵਿਚ ਉਹ ਜੋ ਕਹਿੰਦਾ ਹੈ, ਉਸ ਤੋਂ ਲਗਦਾ ਹੈ ਕਿ ਪੂਰਬੀਆ ਹੋਣ ਦੋ ਬਾਵਜੂਦ ਉਹ ਕਈ ਸਾਲਾਂ ਤੋਂ ਪੰਜਾਬ ਵਿਚ ਰਹਿ ਰਿਹਾ ਹੈ।
ਉਹ ਤੁਰਨ ਨੂੰ ਹੁੰਦੇ ਹਨ ਕਿ ਪੁਲਿਸ ਦੀ ਇਕ ਟੁਕੜੀ ਉਹਨਾਂ ਨੂੰ ਘੇਰ ਲੈਂਦੀ ਹੈ।
“ਕੀ ਕਰ ਰਹੇ ਹੋ ਏਥੇ? ਕਿੱਥੋਂ ਆਏ ਓ?”
“ਜਨਾਬ, ਇਸ ਵਿਚਾਰੇ ਦੀ ਰਿਕਸ਼ਾ ਦਾ ਟੈਰ ਫਟ ਗਿਆ।”
“ਇਹ ਧਮਾਕਾ ਇਸੇ ਨੇ ਕੀਤੈ?” ਉਹ ਹੱਥਲਾ ਡੰਡਾ ਘੁਮਾਉਂਦੇ ਹੋਏ ਪੁੱਛਦਾ ਹੈ।
“ਅਚਾਨਕ ਫਟ ਗਿਆ ਟੈਰ ਜਨਾਬ, ਪਹਿਲੋਂ ਅਸੀਂ ਵੀ ਸਮਝੇ ਕਿਤੇ…”
“ਡਰਾਮੇਬਾਜੀ ਨ੍ਹੀਂ ਚਲਣੀ ਬੁੜ੍ਹਿਆ। ਇਹ ਰਿਸ਼ਵਤ ਕਾਹਦੀ?” ਦਸ ਰੁਪਏ ਦਾ ਨੋਟ ਪੁਲਿਸ ਵਾਲੇ ਦੇ ਹੱਥ ਆ ਜਾਂਦਾ ਹੈ।
“ਇਸ ਨੂੰ ਰੱਖ ਲਓ ਸਰਕਾਰ, ਮੈਨੂੰ ਜਾਣ ਦਿਓ।” ਰਿਕਸ਼ੇ ਵਾਲਾ ਹਾਅੜੇ ਕੱਢਦਾ ਹੈ।
“ਤੁਹਾਨੂੰ ਥਾਣੇ ਚੱਲਣਾ ਪਊ। ਖਾਹਮਖਾਹ ਸ਼ਹਿਰ ਦਾ ਅਮਨ ਭੰਗ ਕਰਤਾ।”
“ਇਸ ’ਚ ਕਿਸੇ ਦਾ ਕਸੂਰ ਨ੍ਹੀਂ ਜਨਾਬ। ਤੁਸੀਂ ਖੁਦ ਦੇਖ ਲੋ। ਟੈਰ ਫਟਿਆ ਪਿਐ।”
“ਇਹ ਸਭ ਥਾਣੇ ’ਚ ਦੱਸੀਂ ਸਰਦਾਰਾ।”
ਬੁੱਢੀ ਤੋਂ ਇਹ ਹਾਅੜੇ ਦੇਖੇ ਨਹੀਂ ਜਾਂਦੇ। ਕੜਕ ਕੇ ਬੋਲਦੀ ਹੈ, “ਇੱਥੇ ਤਲਾਸ਼ੀ ਨਹੀਂ ਲੈ ਸਕਦੇ ਤੁਸੀਂ?”
ਪੁਲਿਸ ਵਾਲਾ ਚੌਂਕਦਾ ਹੈ। ਬੁੱਢੇ ਦੀਆਂ ਅੱਖਾਂ ਵੀ ਲਾਲ ਹੋ ਗਈਆਂ ਹਨ। ਥੋੜੀ ਜਿਹੀ ਤਲਾਸ਼ੀ ਲੈਣ ਬਾਦ ਉਹਨਾਂ ਨੂੰ ਛੱਡ ਦਿੱਤਾ ਜਾਂਦਾ ਹੈ।
ਕੁਝ ਚਿਰ ਬਾਦ ਦੁਕਾਨਾਂ ਖੁੱਲ੍ਹ ਜਾਣਗੀਆਂ, ਬਾਜ਼ਾਰ ਵਿਚ ਰੌਣਕ ਹੋ ਜਾਵੇਗੀ। ਰਿਕਸ਼ੇ ਦਾ ਟਾਇਰ ਵੀ ਜੁੜ ਜਾਵੇਗਾ, ਪਰ ਬੁੱਢੇ ਦੇ ਮਨ ਉੱਤੇ ਆਈ ਝਰੀਟ ਉਸ ਨੂੰ ਕਈ ਦਿਨਾਂ ਤਕ ਦੁਖੀ ਕਰਦੀ ਰਹੇਗੀ।
-0-

°°°°°°°°°°°°°°°°°°°°

 
Developed & Designed :- HANS INDIA
Best view in Internet explorer V.5 and above