ਸੂਰਜ ਨਿਕਲਣ ਮਗਰੋਂ ਉਸ ਦੀ ਰੌਸ਼ਨੀ ਵਿਚ, ਮੈਂ ਛੱਤ ਉੱਤੇ ਬੈਠਾ ਸ਼ੇਵ ਬਨਾਉਣ ਦੀ ਤਿਆਰੀ ਕਰ ਰਿਹਾ ਸੀ ਕਿ ਨਰਿੰਦਰ ਨੇ ਕਾਲ ਬੈੱਲ ਵਜਾਈ। ਆਵਾਜ਼ ਦੇ ਕੇ ਮੈਂ ਉਸ ਨੂੰ ਉੱਪਰ ਹੀ ਬੁਲਾ ਲਿਆ। ਆਉਂਦਿਆਂ ਹੀ ਉਸ ਦੀ ਨਜ਼ਰ ਵਿਦੇਸ਼ੀ ਕੰਪਨੀ ਵੱਲੋਂ ਬਣੇ ਬਲੇਡ ਤੇ ਪਈ। ਉਹ ਚੌਂਕਿਆ, “ਓਏ! ਸਵਦੇਸ਼ੀ ਅਪਨਾਉਣ ਦਾ ਪੈਂਫਲੈਟ ਤੇਰੇ ਤਕ ਨਹੀਂ ਪਹੁੰਚਿਆ?”
“ਇਹ ਗੱਲ ਨ੍ਹੀਂ, ਉਹ ਪੈਂਫਲੈਟ ਮੈਂ ਪੜ੍ਹ ਚੁੱਕਾ ਹਾਂ। ਪਰ ਜੋ ਗੱਲ ਇਨ੍ਹਾਂ ਵਿਦੇਸ਼ੀ ਬਲੇਡਾਂ ’ਚ ਐ, ਉਹ ਦੇਸੀ ਬਲੇਡਾਂ ’ਚ ਕਿੱਥੇ। ਬਈ ਆਮ ਆਦਮੀ ਤਾਂ ਉਹੀ ਪਸੰਦ ਕਰੇਗਾ, ਜਿਸ ’ਚ ਉਸ ਨੂੰ ਫਾਇਦਾ ਹੋਵੇਗਾ।”
ਨਰਿੰਦਰ ਨੂੰ ਮੇਰੇ ਕੋਲੋਂ ਸ਼ਾਇਦ ਇਸ ਤਰ੍ਹਾਂ ਦੇ ਜਵਾਬ ਦੀ ਉਮੀਦ ਨਹੀਂ ਸੀ। ਉਹ ਚੁੱਪਚਾਪ ਛੱਤ ਉੱਪਰ ਟਹਿਲਣ ਲੱਗ ਪਿਆ। ਅਚਾਨਕ ਉਸ ਦੀ ਨਜ਼ਰ ਗੁਆਂਢ ਦੇ ਵਿਹੜੇ ਵਿਚ ਖਿੜੇ ਫੁੱਲਾਂ ਤੇ ਚਲੀ ਗਈ, “ਓਏ, ਇੰਨੇ ਸੋਹਨੇ ਆਲੇ-ਦੁਆਲੇ ’ਚ ਰਹਿਨੈਂ ਤੂੰ! ਇਕ ਤੋਂ ਇਕ ਲਾਜਵਾਬ ਫੁੱਲ ਤੇ ਬੂਟੇ ਵੀ।”
“ਇਹੋ ਤੇ ਫਾਇਦਾ ਐ, ਅਮੀਰ ਆਦਮੀ ਦੇ ਗੁਆਂਢ ’ਚ ਰਹਿਣ ਦਾ। ਫੁੱਲ ਭਾਵੇਂ ਗੁਆਂਢੀ ਨੇ ਉਗਾਏ ਨੇ, ਪਰ ਝੁਕੇ ਤਾਂ ਸਾਡੇ ਵਿਹੜੇ ਵੱਲ ਨੇ।”
ਅਚਾਨਕ ਨਰਿੰਦਰ ਗੰਭੀਰ ਹੋ ਗਿਆ। ਉਸਨੇ ਬਨੇਰੇ ਤੋਂ ਝੁਕ ਕੇ ਥੱਲੇ ਵੱਲ ਦੇਖਿਆ।
“ਤੂੰ ਵਿਰੋਧ ਨ੍ਹੀਂ ਕੀਤਾ? ਇਨ੍ਹਾਂ ਬੂਟਿਆਂ ਦੀਆਂ ਜੜਾਂ ਤੇਰੇ ਮਕਾਨ ਦੀਆਂ ਨੀਹਾਂ ਨੂੰ ਖਾ ਜਾਣਗੀਆਂ।”
“ਸੱਚੀਂ, ਮੈਂ ਇਸ ਵੱਲ ਧਿਆਨ ਈ ਨਹੀਂ ਦਿੱਤਾ। ਦੀਵਾਰਾਂ ਤੇ ਦੋ-ਦੋ ਫੁੱਟ ਉੱਚੀ ਸਲ੍ਹਾਬ ਚੜ੍ਹ ਗਈ ਐ।”
ਨਰਿੰਦਰ ਫਿਰ ਟਹਿਲਣ ਲੱਗਿਆ। ਮੈਂ ਸ਼ੇਵ ਬਨਾਉਣ ਲਈ ਫਿਰ ਕੁਰਸੀ ਤੇ ਆ ਬੈਠਾ। ਨਜ਼ਰ ਵਿਦੇਸ਼ੀ ਬਲੇਡ ਦੇ ਪੈਕਟ ਤੇ ਪਈ। ਉਸ ਨੂੰ ਚੁੱਕ ਕੇ ਮੈਂ ਗੁਆਂਢੀ ਦੇ ਵਿਹੜੇ ਵਿਚ ਸੁੱਟ ਦਿੱਤਾ।
-0-
|