ਖੁਸ਼ੀ ਦੀ ਸੌਗਾਤ
ਸੁਧੀਰ ਕੁਮਾਰ ਸੁਧੀਰ
ਬਾਬੂ ਗਿਆਨ ਚੰਦ ਦੀ ਥੋਡ਼੍ਹੀ ਤਨਖਾਹ ਅਤੇ ਪਰਿਵਾਰ ਦੀ ਪੂਰੀ ਕਬੀਲਦਾਰੀ ਸੀ। ਹਰ ਮਹੀਨੇ ਤਨਖਾਹ ਮਿਲਦੀ ਤਾਂ ਦੁਕਾਨਾਂ ਦੇ ਢੇਰ ਸਾਰੇ ਬਿੱਲ ਤੇ ਹੋਰ ਖਰਚੇ ਆ ਨਿਕਲਦੇ। ਤਨਖਾਹ ਵਿੱਚੋਂ ਕੁਝ ਬਚਾ ਸਕਨਾ ਔਖਾ ਕਾਰਜ ਜਾਪਦਾ। ਮਾਂ ਦੀ ਦਵਾਈ, ਬੱਚਿਆਂ ਦੀ ਫੀਸ, ਰਾਸ਼ਨ ਤੇ ਦੁੱਧ ਦੇ ਬਿੱਲ, ਮਕਾਨ ਦਾ ਕਿਰਾਇਆ ਤੇ ਹੋਰ ਨਿੱਕ ਸੁੱਕ ਵਿਚ ਹੀ ਪੂਰੀ ਤਨਖਾਹ ਲੱਗ ਜਾਂਦੀ ਸੀ। ਬੱਚਿਆਂ ਦੀਆਂ ਫਰਮਾਇਸ਼ਾਂ ਤੋਂ ਡਰਦਾ ਉਹ ਉਹਨਾਂ ਨੂੰ ਬਾਜ਼ਾਰ ਲੈ ਜਾਣ ਤੋਂ ਝਿਜਕਦਾ ਸੀ। ਪਿਛਲੇ ਕਈ ਮਹੀਨਿਆਂ ਤੋਂ ਉਹਦੀ ਪਤਨੀ ਇਕ ਸਾਡ਼ੀ ਦੀ ਮੰਗ ਕਰਦੀ ਆ ਰਹੀ ਸੀ। ਲੇਕਿਨ ਹੱਥ ਸੌਖਾ ਨਾ ਹੋਣ ਕਾਰਨ, ਟਾਲ ਮਟੋਲ ਹੁੰਦੀ ਆਈ।
ਉਹਨੂੰ ਆਪਣੀ ਪਤਨੀ ਨਾਲ ਬਾਜ਼ਾਰ ਗਿਆਂ ਮੁੱਦਤ ਹੀ ਹੋ ਗਈ ਸੀ। ਅੱਜ ਤਨਖਾਹ ਮਿਲੀ ਤਾਂ ਉਸਦੀ ਪਤਨੀ ਉਸ ਨਾਲ ਮੰਦਰ ਜਾਣ ਲਈ ਬਜਿੱਦ ਹੋ ਗਈ।
ਮੰਦਰ ਜਾਣ ਲਈ ਤੁਰੇ ਤਾਂ ਬਾਬੂ ਗਿਆਨ ਚੰਦ ਨੂੰ ਖਿਆਲ ਆਇਆ, ‘ਮੰਦਰ ਦਾ ਤਾਂ ਬਹਾਨਾ ਹੈ, ਜਦੋਂ ਵਾਪਸ ਪਰਤਾਂਗੇ ਤਾਂ ਬਾਜ਼ਾਰ ਵਿਚ ਇਹ ਸਾਡ਼ੀ ਲੈਣ ਲਈ ਆਖੇਗੀ। ਸਾਡ਼ੀ ਕਿੱਥੋਂ…? ਪੂਰਾ ਬੱਜਟ ਹਿਲ ਜਾਵੇਗਾ। ਪੂਰਾ ਮਹੀਨਾ ਕਿਵੇਂ…?’
ਤਦੇ ਉਸਦੀ ਪਤਨੀ ਨੇ ਉਸਦੀ ਬਾਂਹ ਹਿਲਾਈ ਤੇ ਬੋਲੀ, “ ਦੇਖੋ ਬਾਜ਼ਾਰ ਵਿਚ ਕਿੰਨੀ ਰੌਣਕ ਹੈ! ਕਦੇ ਕਦੇ ਬਾਜ਼ਾਰ ਲੈ ਆਇਆ ਕਰੋ…ਜ਼ਰੂਰੀ ਨਹੀਂ ਕਿ ਬਾਜ਼ਾਰ ਕੁਝ ਖਰੀਦੋ-ਫਰੋਕਤ ਕਰਨ ਈ ਆਇਆ ਜਾਵੇ।”
ਪਤਨੀ ਦੀ ਗੱਲ ਸੁਣ ਕੇ ਬਾਬੂ ਗਿਆਨ ਚੰਦ ਦਾ ਉਤਰਿਆ ਚਿਹਰਾ ਸੁਰਖ ਹੋ ਗਿਆ ਅਤੇ ਆਪਣੀ ਪਤਨੀ ਦਾ ਹੱਥ ਘੁਟਦਿਆਂ ਉਹ ਬੋਲਿਆ, “ਹਾਂ, ਤੂੰ ਠੀਕ ਕਹਿੰਦੀ ਐਂ। ਬਾਜ਼ਾਰ ਵਿਚ ਖੁਸ਼ੀ ਤਾਂ ਮੁੱਲ ਨਹੀਂ ਵਿਕਦੀ।”
ਦੋਵੇਂ ਪਤੀ-ਪਤਨੀ ਮੰਦਰ ਹੋ ਕੇ ਘਰ ਨੂੰ ਵਾਪਸ ਪਰਤ ਆਏ।
-0- |